অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਮੁਖਬੰਦ ਅਤੇ ਜਾਣ - ਪਛਾਣ

ਇਹ ਮੈਨੁਅਲ ਕਈ ਸਾਲਾਂ ਦੇ ਕੰਮ ਦਾ ਨਤੀਜਾ ਹੈ, ਜੋ ਇਸ ਪ੍ਰੋਗਰਾਮ ਦੇ ਨਿਰਮਾਣ ਵਿੱਚ ਹੀ ਨਹੀਂ ਬਲਕਿ ਇਹ ਸਵੀਕਾਰ ਕਰਨ ਵਿੱਚ ਵੀ ਲੱਗੇ ਹਨ ਕਿ ਅਜੇਹਾ ਕੁੱਝ ਕਰਨ ਦੀ ਜਰੂਰਤ ਹੈ। ਇਸ ਬਾਰੇ ਖੁਲ੍ਹ ਕੇ ਗੱਲ ਕਰਨੀ ਤਾਂ ਕੀ ਔਰਤਾਂ ਵਿੱਚ ਡਿਪਰੈਸ਼ਨ ਦੇ ਵਿਸ਼ੇ ਨੂੰ ਬਹੁਤ ਲੰਬੇ ਸਮੇਂ ਤੋਂ ਪ੍ਰਵਾਨ ਹੀ ਨਹੀਂ ਕੀਤਾ ਜਾ ਰਿਹਾ ਸੀ। ਔਰਤਾਂ ਵਿੱਚ ਡਿਪਰੈਸ਼ਨ, ਜੋ ਮਰਦਾਂ ਦੇ ਮੁਕਾਬਲੇ ਦੂਣਾ ਪਛਾਣਿਆਂ ਗਿਆ ਹੈ, ਹਾਲ ਹੀ ਵਿੱਚ ਇਸ ਨੂੰ ਉਸ ਸੰਜੀਦਗੀ ਅਤੇ ਤੀਬਰਤਾ ਨਾਲ ਲਿਆ ਜਾ ਰਹਿਆ ਹੈ, ਜਿਸ ਤਰ੍ਹਾਂ ਇਹ ਸਾਡੀ ਵੱਸੋਂ ਵਿੱਚਲੇ ਇਕ ਮੁੱਖ ਰੋਗ ਦੇ ਤੌਰ ਤੇ ਲੈਣਾ ਬਣਦਾ ਹੈ। ਡਿਪਰੈਸ਼ਨ ਅਤੇ ਹੋਰ ਮਾਨਸਿਕ ਰੋਗਾਂ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਅਤੇ ਇਸ ਨਾਲ ਜੁੜੇ ਕਲੰਕ ਨੂੰ ਹਟਾਉਣ ਲਈ ਸਾਡੀ ਜਥੇਬੰਦੀ  ਪਿਛਲੇ ਤੀਹ ਸਾਲਾਂ ਤੋਂ ਕੰਮ ਕਰ ਰਹੀ ਹੈ। ਇਹ ਅਸੀਂ ਜਾਣਕਾਰੀ, ਸਿਖਿਆ ਅਤੇ ਸਹਾਇਤਾ ਪ੍ਰਦਾਨ ਕਰਕੇ ਕੀਤਾ ਹੈ। ਸਾਡਾ ਉਦੇਸ਼ ਇਸ ਰੋਗ 'ਤੇ ਸਿਖਿਆ ਰਾਹੀਂ ਰੌਸ਼ਨੀ ਪਾਉਣਾ ਹੈ ਅਤੇ ਅਜੇਹਾ ਕਰਕੇ ਉਹਨਾਂ ਦੀ ਮਦਦ ਕਰਨਾ ਹੈ ਜੋ ਇਸ ਰੋਗ ਦੇ ਮਾੜੇ ਅਸਰਾਂ ਨੂੰ ਕੰਟਰੋਲ ਕਰਨ ਦੇ ਸਮਰੱਥ ਨਹੀਂ ਤਾਂਕਿ ਉੇਹ ਤੰਦਰੁਸਤ ਹੋ ਕੇ ਆਪਣੇ ਜੀਵਨ ਦਾ ਕੰਟਰੋਲ ਮੁੜ ਪ੍ਰਾਪਤ ਕਰ ਸਕਣ। ਅਸੀ ਇਹ ਵੀ ਸਮਝਦੇ ਹਾਂ ਕਿ ਇਹ ਜਾਨਕਾਰੀ ਵੱਖ ਵੱਖ ਭਾਸ਼ਾਵਾਂ ਵਿੱਚ ਹੋਵੇ ਤਾਂਕਿ ਸਾਰਿਆਂ ਦਾ ਟੀਚਾ ਪੂਰਾ ਹੋ ਸਕੇ। ਇਹ ਮੈਨੁਅਲ ਉਸ ਖੋਜ ਅਤੇ ਉਹਨਾਂ ਅਮਲਾਂ ਦਾ ਨਤੀਜਾ ਹੈ ਜੋ ਇਸ ਮਕਸਦ ਨੂੰ ਪੂਰਿਆਂ ਕਰਨ ਲਈ ਬੜੇ ਸੋਚ ਸਮਝ ਕੇ ਵਿਓੁਂਤੇ ਗਏ ਸਨ।

ਇਸ ਸ੍ਰੋਤ ਦੇ ਲੇਖਕ ਮਨੋਵਿਗਿਆਨੀ ਡਾ. ਰਾਜਪਾਲ ਸਿੰਘ ਦੇ ਗਿਆਨ ਅਤੇ ਕੋਸ਼ਿਸ਼ ਬਗੈਰ ਅਜੇਹੀ ਸਮੱਗਰੀ ਨੂੰ ਅਸੀਂ ਤਿਆਰ ਨਹੀਂ ਸਾਂ ਕਰ ਸਕਦੇ। ਸਾਉਥ-ਏਸ਼ੀਅਨ ਭਾਈਚਾਰੇ ਵਿੱਚ ਸੇਵਾਵਾਂ ਪ੍ਰਦਾਨ ਕਰਨ ਦੇ ਟੀਚੇ ਦੀ ਕਾਮਯਾਬੀ ਵਿੱਚ ਡਾ. ਸਿੰਘ ਦਾ ਅਨਿਖੜਵਾਂ ਰੋਲ ਹੈ ਅਤੇ ਉਸਦੀ ਮਦਦ ਬਗੈਰ ਸਾਨੂੰ ਏਨੀ ਸਫਲਤਾ ਨਹੀਂ ਸੀ ਹਾਸਿਲ ਹੋਣੀ। ਅਸੀ ਉਸਦੇ ਬਹੁਤ ਅਭਾਰੀ ਹਾਂ। ਇਸ ਤਰ੍ਹਾਂ ਦੇ ਉੱਦਮ ਲਈ ਲੋਕ ਇਕੱਲੇ ਕੰਮ ਨਹੀਂ ਕਰਦੇ। ਅਸੀਂ ਸੋਫੀਆ ਜੌਹਲ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਸਨੇ ਏਨੀ ਵੱਡੀ ਖੋਜ ਜਾਣਕਾਰੀ ਨੂੰ ਸੋਧਣ ਵਿੱਚ ਮਦਦ ਕਰਨ ਹਿਤ ਆਪਣਾ ਏਨਾ ਵਧੀਕ ਸਮਾਂ ਲਾਇਆ ਤਾਂਕਿ ਇਸ ਮੈਨੁਅਲ ਦਾ ਮਿਆਰ ਯਕੀਨਨ ਵਧੀਆ ਹੋ ਸਕੇ। ਅੰਤ ਵਿੱਚ ਅਸੀਂ ਮਨੋਰੋਗ ਵਿਗਿਆਨੀ ਡਾ. ਸਰਵਜੀਤ ਬੈਂਸ ਪ੍ਰਤੀ ਸਤਿਕਾਰ ਪ੍ਰਗਟ ਕਰਨਾ ਚਾਹੁੰਦੇ ਹਾਂ, ਜਿਸਨੇ ਬੜੇ ਧਿਆਨ ਨਾਲ ਇਸ ਮੈਨੁਅਲ ਵਿੱਚਲੀ ਹਰ ਇੱਕ ਸ਼ੈਅ ਦੀ ਪੁਸ਼ਟੀ ਕੀਤੀ ਹੈ। ਉਸ ਦੀ ਪੱਧਰ ਦੇ ਮਾਹਿਰ ਦੀਆਂ ਕੋਸ਼ਿਸ਼ਾਂ ਬਗੈਰ ਅਸੀਂ ਅਜੇਹਾ ਕੁੱਝ ਤਿਆਰ ਨਹੀਂ ਸਾਂ ਕਰ ਸਕਦੇ। ਸਾਨੂੰ ਮੂਡ ਡਿਸਆਰਡਰ ਏਸੋਸੀਏਸ਼ਨ ਆਫ ਬੀ ਸੀ ਵੱਲੋਂ ਇਸ ਹੱਥਲੇ ਕੰਮ ਤੇ ਬਹੁਤ ਮਾਣ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਇਸ ਮੈਨੁਅਲ ਨੂੰ ਵਰਤਣ ਵਾਲੀਆਂ ਔਰਤਾਂ ਨੂੰ ਆਪਣੇ ਰੋਗ ਨਾਲ ਨਿਜਿੱਠਣ ਵਿੱਚ ਭਰਪੂਰ ਸਫਲਤਾ ਮਿਲੇ।

ਜਾਣ-ਪਛਾਣ

ਪੰਜਾਬਣਾਂ ਦਾ ਖੁਲ੍ਹਾ ਡੁਲ੍ਹਾ ਤੇ ਹਸਮੁੱਖ ਸੁਭਾਅ ਉਨ੍ਹਾਂ ਦੀ ਵਧੀਆ ਮਾਨਸਿਕ ਤੇ ਸਰੀਰਕ ਸਿਹਤ ਦੀ ਝਲਕ ਦਿੰਦਾ ਹੈ। ਆਮਤੌਰ ਤੇ ਪੰਜਾਬਣਾਂ ਬੜੀ ਖੁਸ਼ੀ ਨਾਲ ਘਰ ਅਤੇ ਕਮਿਉਂਨਿਟੀ ਦੇ ਕੰਮਕਾਰ ਵਿੱਚ ਹਿੱਸਾ ਲੈਂਦੀਆਂ ਹਨ। ਘਰ ਵਿੱਚ ਜੇ ਕੋਈ ਬਿਮਾਰ ਠੀਮਾਰ ਹੋਵੇ ਤਾਂ ਉਸਦੀ ਦੇਖਭਾਲ ਕਰਕੇ ਮੁੜ ਤੰਦਰੁਸਤ ਕਰਨ ਵਿੱਚ ਉਹ ਕੋਈ ਕਸਰ ਨਹੀਂ ਛਡਦੀਆਂ। ਆਮ ਕਰਕੇ ਪੰਜਾਬੀਆਂ ਦੇ ਘਰਾਂ ਦਾ ਸਾਰਾ ਬੰਦੋਬਸਤ ਕਰਨ ਦੀ ਜੁਮੇਂਵਾਰੀ ਪੰਜਾਬਣਾਂ ਦੇ ਸਿਰ ਹੀ ਹੁੰਦੀ ਹੈ ਅਤੇ ਜੇਕਰ ਕਿਤੇ ਇਹ ਆਪ ਬਿਮਾਰ ਹੋ ਜਾਣ ਤਾਂ ਪਰਿਵਾਰ ਦਾ ਕੰਮਕਾਰ ਇੱਕ ਤਰ੍ਹਾਂ ਠੱਪ ਜਿਹਾ ਹੀ ਨਹੀਂ ਹੋ ਜਾਂਦਾ ਸਗੋਂ ਘਰ ਵਿੱਚ ਰੌਣਕ ਵੀ ਨਹੀਂ ਰਹਿੰਦੀ। ਜਦੋਂ ਅਸੀਂ ਰੋਗਾਂ ਦੀ ਗੱਲ ਕਰਦੇ ਹਾਂ ਤਾਂ ਅਕਸਰ ਪੰਜਾਬਣਾਂ ਵਿੱਚ ਡਿਪਰੈਸ਼ਨ ਰੋਗ ਦੀ ਗੱਲ ਇੱਕ ਦਮ ਸਾਹਮਣੇ ਆ ਜਾਂਦੀ ਹੈ। ਆਮ ਕਰਕੇ ਇਹ ਦੇਖਣ ਵਿੱਚ ਆਇਆ ਹੈ ਕਿ ਪੰਜਾਬਣਾਂ ਦੀ ਗਿਣਤੀ, ਜੋ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ ਪੰਜਾਬੀ ਮਰਦਾਂ ਦੇ ਮੁਕਾਬਲੇ ਤਕਰੀਬਨ ਦੁਗਣੀ ਹੈ। ਇਸ ਕਰਕੇ ਇਸ ਕਿਤਾਬ ਵਿੱਚ ਅਸੀਂ ਇਸ ਰੋਗ ਬਾਰੇ ਪੰਜਾਬਣਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂਕਿ ਉਹ ਇਸ ਰੋਗ ਤੋਂ ਮੁਕਤ ਹੋਣ ਅਤੇ ਮੁਕਤ ਹੀ ਰਹਿਣ। ਡਿਪਰੈਸ਼ਨ ਬਾਰੇ ਲਿਖੀ ਇਹ ਜਾਣਕਾਰੀ ਤੁਹਾਨੂੰ, ਆਮ ਤੌਰ ਤੇ ਪੁੱਛੇ ਜਾਂਦੇ,

ਹੇਠ ਲਿਖੇ ਸਵਾਲਾਂ ਦਾ ਜੁਆਬ ਦੇਵੇਗੀ:

(੧) ਆਮ ਉਦਾਸੀ ਦੀ ਭਾਵਨਾ ਅਤੇ ਡਿਪਰੈਸ਼ਨ ਵਿੱਚ ਕੀ ਫਰਕ ਹੁੰਦਾ ਹੈ|

(੨) ਔਰਤਾਂ ਵਿੱਚ ਡਿਪਰੈਸ਼ਨ ਰੋਗ ਦਾ ਪਤਾ ਕਿਵੇਂ ਲੱਗਦਾ ਹੈ, ਇਸਦੇ ਕਿਹੜੇ ਕਿਹੜੇ ਲੱਛਣ ਹੁੰਦੇ ਹਨ|

(੩) ਡਿਪਰੈਸ਼ਨ ਕਿੰਨੀ ਕੁ ਤਰ੍ਹਾਂ ਦਾ ਹੁੰਦਾ ਹੈ|

(੪) ਕਿੰਨੀਆਂ ਕੁ ਪੰਜਾਬੀ ਔਰਤਾਂ ਨੂੰ ਡਿਪਰੈਸ਼ਨ ਰੋਗ ਲੱਗਦਾ ਹੈ|

(੫) ਔਰਤਾਂ ਨੂੰ ਡਿਪਰੈਸ਼ਨ ਰੋਗ ਕਿਉਂ ਜਿਆਦਾ ਹੁੰਦਾ ਹੈ|

(੬) ਡਿਪਰੈਸ਼ਨ ਤੋਂ ਠੀਕ ਹੋਣ ਲਈ ਅੋਰਤਾਂ ਕੀ ਕਰ ਸਕਦੀਆਂ ਹਨ|

(੭) ਡਿਪਰੈਸ਼ਨ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ|

(੮) ਸਾਡੀ ਕਮਿਉਂਨਿਟੀ ਵਿੱਚ ਪੰਜਾਬਣਾਂ ਵਾਸਤੇ ਕਿਹੜੀਆਂ ਕਿਹੜੀਆਂ ਸੇਵਾਵਾਂ ਮਿਲਦੀਆਂ ਹਨ|

ਕਨੇਡੀਅਨ ਨੈਟਵਰਕ ਫਾਰ ਮੂਡ ਐਂਡ ਐਂਗਜ਼ਾਇਟੀ ਟਰੀਟਮੈਂਟ ਅਤੇ ਕਨੇਡੀਅਨ ਸਾਈਕੈਟਰਿਕ ਐਸੋਸੀਏਸ਼ਨ ਨੇ ਰਲ ਕੇ ਸਾਇੰਸਦਾਨ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਤਾਂਕਿ ਡਿਪਰੈਸ਼ਨ ਬਾਰੇ ਹੁਣ ਤਕ ਹੋਈ ਖੋਜ ਦੇ ਅਧਾਰ ਤੇ ਡਿਪਰੈਸ਼ਨ ਦੀ ਪਛਾਣ ਅਤੇ ਇਲਾਜ ਲਈ ਸੇਧ ਦਿੱਤੀ ਜਾ ਸਕੇ। ਇਹ ਕਮੇਟੀ ਦੀਆਂ ਸਿਫ਼ਾਰਸ਼ਾਂ ਕੈਨਮੈਟ ਗਾਈਡਲਾਈਨਜ਼ ਕਰਕੇ ਜਾਣੀਆਂ ਜਾਂਦੀਆਂ ਹਨ। ਪਹਿਲੀ ਵਾਰੀ ਇਹ ਕੈਨਮੈਟ ਗਾਈਡਲਾਈਨਜ਼ ੨੦੦੧ ਵਿੱਚ ਲਿਖੀਆਂ ਗਈਆਂ। ਉਸ ਤੋਂ ਬਾਅਦ ਵਾਲੀ ਖੋਜ ਨੂੰ ਧਿਆਨ ਵਿੱਚ ਰੱਖਦਿਆਂ ਅਗਸਤ ੨੦੦੯ ਨੂੰ ਇਹ ਕੈਨਮੈਟ ਗਾਈਡਲਾਈਨਜ਼ ਫਿਰ ਸੋਧ ਕੇ ਲਿਖੀਆਂ ਗਈਆਂ ਹਨ।ਕੈਨਮੈਟ ਗਾਈਡਲਾਈਨਜ਼ ਤੋਂ ਵਰਤੀ ਜਾਣਕਾਰੀ ਦਾ ਹਵਾਲਾ ਨਾਲ ਨਾਲ ਦਿੱਤਾ ਜਾਵੇਗਾ।ਇਸ ਕਿਤਾਬ ਵਿੱਚ ਦਿੱਤੀ ਗਈ ਜਾਣਕਾਰੀ ਇਨ੍ਹਾਂ ੨੦੦੯ ਵਾਲੀਆਂ ਕੈਨਮੈਟ ਗਾਈਡਲਾਈਨਜ਼ ਮੁਤਾਬਕ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਸਰੋਤ : ਏ ਬੂਕਸ ਓਨ੍ਲਿਨੇ |

ਆਖਰੀ ਵਾਰ ਸੰਸ਼ੋਧਿਤ : 6/18/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate